ਗੁਰਬਾਣੀ ਵਿਚ ਮਨੁੱਖਤਾ ਦੇ ਭਲੇ ਦੀ ਗੱਲ ਬਹੁਤ ਉਘੜ ਕੇ ਸਾਹਮਣੇ ਆਈ ਹੈ । ਸਚ ਤਾਂ ਇਹ ਹੈ ਕਿ ਗੁਰਬਾਣੀ ਵਿਚਲਾ ਉਪਦੇਸ਼ ਹੈ ਹੀ ਮਾਨਵਤਾ ਦੀ ਭਲਿਆਈ ਲਈ । ਗੁਰੂ ਅਰਜਨ ਦੇਵ ਜੀ ਅਨੁਸਾਰ ਸਾਰੀਆਂ ਜੂਨਾਂ ਵਿਚੋਂ ਸਰਬ ਸ੍ਰੇਸ਼ਠ ਜੂਨ ਮਨੁੱਖ ਦੀ ਹੀ ਹੈ , ਇਸ ਧਰਤੀ ਉਤੇ ਉਸੇ ਦੀ ਪ੍ਰਭੁਤਾ ਹੈ । ਇਸ ਜਨਮ ਵਿਚ ਜੋ ਸਹੀ ਮਾਰਗ ਉਤੇ ਨਹੀਂ ਚਲਦਾ , ਉਹ ਆਵਾਗਵਣ ਦੇ ਚੱਕਰਾਂ ਵਿਚ ਪੈ ਕੇ ਦੁਖ ਸਹਿੰਦਾ ਹੈ— ਲਖ ਚਉਰਾਸੀਹ ਜੋਨਿ ਸਬਾਈ । ਮਾਣਸ ਕਉ ਪ੍ਰਭਿ ਦੀਈ ਵਡਿਆਈ ।
ਇਸੁ ਪਉੜੀ ਤੇ ਜੋ ਨਰੁ ਚੂਕੈ ਸੋ ਆਇ ਜਾਇ ਦੁਖੁ ਪਾਇਦਾ । ( ਗੁ.ਗ੍ਰੰ.1075 ) । ਅਧਿਆਤਮਿਕ ਅਤੇ ਧਾਰਮਿਕ ਪੱਖਾਂ ਤੋਂ ਇਲਾਵਾ ਗੁਰਬਾਣੀ ਵਿਚ ਮਨੁੱਖ ਨੂੰ ਆਪਣਾ ਸਮਾਜਿਕ ਵਿਵਹਾਰ ਵੀ ਸੁਧਾਰਨ ਲਈ ਕਿਹਾ ਗਿਆ ਹੈ ਕਿਉਂਕਿ ਅਜਿਹਾ ਕੀਤੇ ਬਿਨਾ ਮਾਨਵਤਾ ਦਾ ਕਲਿਆਣ ਸੰਭਵ ਨਹੀਂ । ਮਨੁੱਖ ਨੂੰ ਸ੍ਰੇਸ਼ਠ ਬਣਨ ਲਈ ਚੰਗੀਆਂ ਬਿਰਤੀਆਂ ਨੂੰ ਅਪਣਾਉਣਾ ਅਤੇ ਮਾੜੀਆਂ ਬਿਰਤੀਆਂ ਨੂੰ ਛਡਣਾ ਚਾਹੀਦਾ ਹੈ । ਕਰਨੀ ਅਤੇ ਕਥਨੀ ਵਿਚ ਕਿਸੇ ਪ੍ਰਕਾਰ ਦਾ ਕੋਈ ਅੰਤਰ ਨਹੀਂ ਰਖਣਾ ਚਾਹੀਦਾ । ਸੇਵਾ ਕਰਨਾ ਵੀ ਚੰਗੇ ਮਨੁੱਖ ਦੀ ਬੁਨਿਆਦੀ ਲੋੜ ਹੈ । ਸੇਵਾ ਨਾਲ ਮਨੁੱਖ ਦੇ ਵਿਅਕਤਿਤਵ ਵਿਚ ਵਿਕਾਸ ਹੁੰਦਾ ਹੈ
ਵਰਣ-ਵਿਵਸਥਾ ਕਰਕੇ ਵੀ ਮਨੁੱਖਾਂ ਵਿਚ ਵਿਥਾਂ ਵਧੀਆਂ ਹਨ , ਇਸ ਲਈ ਗੁਰਬਾਣੀ ਵਿਚ ਜਾਤਿ-ਪਾਤਿ ਦਾ ਖੰਡਨ ਕਰਕੇ ਗੁਰ-ਉਪਦੇਸ਼ ਨੂੰ ਸਭ ਲਈ ਸਾਂਝ ਦਸਿਆ ਗਿਆ ਹੈ— ਖਤ੍ਰੀ ਬ੍ਰਾਹਮਣ ਸੂਦ ਵੈਸ ਉਪਦੇਸੁ ਚਹੁ ਵਰਨਾ ਕਉ ਸਾਝਾ । ( ਗੁ.ਗ੍ਰੰ.747 ) । ਆਸ਼੍ਰਮ-ਵਿਵਸਥਾ ਪ੍ਰਤਿ ਵੀ ਗੁਰਬਾਣੀ ਵਿਚ ਆਸਥਾ ਨਹੀਂ ਵਿਖਾਈ ਗਈ ਕਿਉਂਕਿ ਇਸ ਨਾਲ ਮਨੁੱਖ ਆਪਣੇ ਕਰਤੱਵ ਤੋਂ ਹਟ ਕੇ ਸੰਨਿਆਸ ਵਲ ਰੁਚਿਤ ਹੁੰਦਾ ਹੈ , ਹੋਰਨਾਂ ਉਤੇ ਭਾਰ ਬਣਦਾ ਹੈ । ਮਿਹਨਤ ਨਾਲ ਕੀਤੀ ਕਮਾਈ ਨੂੰ ਵੰਡ ਕੇ ਛਕਣਾ ਹੀ ਸਹੀ ਮਾਨਵੀ ਗੁਣ ਹੈ— ਗੁਰੁ ਪੀਰੁ ਸਦਾਏ ਮੰਗਣ ਜਾਇ । ਤਾ ਕੈ ਮੂਲਿ ਨ ਲਗੀਐ ਪਾਇ । ਘਾਲਿ ਖਾਇ ਕਿਛੁ ਹਥਹੁ ਦੇਇ । ਨਾਨਕ ਰਾਹੁ ਪਛਾਣਹਿ ਸੇਇ ।
( ਗੁ.ਗ੍ਰੰ.1245 ) । ਗ੍ਰਿਹਸਥ ਧਰਮ ਨੂੰ ਗੁਰਬਾਣੀ ਵਿਚ ਸ੍ਰੇਸ਼ਠ ਦਸਦੇ ਹੋਇਆਂ ਇਸਤਰੀ ਦੇ ਗੌਰਵ ਦੀ ਵੀ ਸਥਾਪਨਾ ਕੀਤੀ ਗਈ ਹੈ । ਪਤੀ-ਪਤਨੀ ਸੰਬੰਧ ਕਿਸੇ ਗ਼ਰਜ ਉਤੇ ਨਿਰਭਰ ਨਹੀਂ ਹੋਣੇ ਚਾਹੀਦੇ , ਸਗੋਂ ਉਨ੍ਹਾਂ ਵਿਚ ਪਰਸਪਰ ਇਕਾਤਮਕਤਾ ਦੀ ਭਾਵਨਾ ਹੋਣੀ ਚਾਹੀਦੀ ਹੈ— ਧਨ ਪਿਰੁ ਏਹਿ ਨ ਆਖੀਅਨੁ ਬਹਨਿ ਇਕਠੇ ਹੋਇ । ਏਕ ਜੋਤਿ ਦੁਇ ਮੂਰਤੀ ਧਨ ਪਿਰੁ ਕਹੀਐ ਸੋਇ । ( ਗੁ.ਗ੍ਰੰ.788 ) ।ਪਰਾਇਆ ਹੱਕ ਮਾਰਨਾ ਵੀ ਚੰਗੇ ਮਨੁੱਖ ਲਈ ਅਨੁਚਿਤ ਹੈ ਕਿਉਂਕਿ ਅਜਿਹਾ ਕਰਨ ਨਾਲ ਵੈਰ-ਵਿਰੋਧ ਦਾ ਵਿਸਤਾਰ ਹੁੰਦਾ ਹੈ ਅਤੇ ਮਨੁੱਖਾਂ ਲਈ ਭੈੜੀਆਂ ਰੁਚੀਆਂ ਦਾ ਵਿਕਾਸ ਹੁੰਦਾ ਹੈ— ਹਕੁ ਪਰਾਇਆ ਨਾਨਕਾ ਉਸੁ ਸੂਅਰ ਉਸੁ ਗਾਇ । ਗੁਰੁ ਪੀਰੁ ਹਾਮਾ ਤਾ ਭਰੇ ਜਾ ਮੁਰਦਾਰੁ ਨ ਖਾਇ । ( ਗੁ.ਗ੍ਰੰ.141 ) ।
